ਸਬਰ

ਮੈਨੂੰ ”ਕੇਸ਼ ‘ ਨਾਮੀ ਦੀਪ ਵਿਚ ਇਕ ਸੌਦਾਗਰ ਨੂੰ ਮਿਲਣ ਦਾ ਮੌਕਾ ਮਿਲਿਆ। ਉਸਦੇ ਕੋਲ ਸਮਾਨ ਨਾਲ ਲੱਦੇ ਹੋਏ 150 ਊਂਠ ਅਤੇ 40 ਸੇਵਾਦਾਰ ਸਨ। ਉਸਨੇ ਮੈਨੂੰ ਆਪਣਾ ਮਹਿਮਾਨ ਬਣਾਇਆ। ਸਾਰੀ ਰਾਤ ਉਹ ਆਪਣੀ ਰਾਮ ਕਹਾਣੀ ਸੁਣਾਉਂਦਾ ਰਿਹਾ- ਕਿ ਮੇਰਾ ਇਤਨਾ ਮਾਲ ਤੁਰਕਿਸਤਾਨ ਵਿੱਚ ਪਿਆ ਹੈ, ਇੰਨਾ ਹਿੰਦੁਸਤਾਨ ਵਿੱਚ, ਇੰਨੀ ਜਮੀਨ ਫਲਾਣੀ ਜਗ੍ਹਾ ਤੇ ਪਈ ਹੈ, ਕਦੇ ਕਹਿੰਦਾ ਮੈਨੂੰ ਮਿਸਰ ਜਾਨ ਦਾ ਸ਼ੌਂਕ ਹੈ, ਲੇਕਿਨ ਓਥੋਂ ਦਾ ਪੌਣ ਪਾਣੀ ਨੁਕਸਾਨਦੇਹ ਹੈ। ਫੇਰ ਕਹਿੰਦਾ ਜਨਾਬ ਮੇਰਾ ਵਿਚਾਰ ਇਕ ਹੋਰ ਯਾਤਰਾ ਕਰਨ ਦਾ ਹੈ, ਅਗਰ ਉਹ ਪੂਰੀ ਹੋ ਜਾਵੇ ਤਾਂ ਫਿਰ ਕਿਤੇ ਇਕੱਲਾ ਰਹਿਣ ਲੱਗ ਜਾਵਾਂਗਾ। ਮੈਂ ਪੁੱਛਿਆ ਉਹ ਕਿਹੜੀ ਯਾਤਰਾ ਹੈ? ਤਾਂ ਉਹ ਬੋਲੇ ਪਾਰਸ ਦਾ ਗੰਧਕ ਚੀਨ ਦੇਸ਼ ਵਿਚ ਲੈ ਜਾਣਾ ਚਾਹੁੰਦਾ ਹਾਂ ਕਿਉਂਕਿ ਸੁਣਿਆ ਹੈ ਉਥੇ ਇਸਦੀ ਚੰਗਾ ਕੀਮਤ ਮਿਲ ਜਾਂਦੀ ਹੈ, ਚੀਨ ਦੇ ਪਿਆਲੇ ਰੂਮ ਲੈ ਜਾਣਾ ਚਾਹੁੰਦਾ ਹਾਂ, ਉਥੋਂ ਰੂਮ ਦਾ ਦੇਬਾ ( ਇਕ ਪ੍ਰਕਾਰ ਦਾ ਬਹੁਤ ਕੀਮਤੀ ਕੱਪੜਾ) ਲੈ ਕੇ ਹਿੰਦੋਸਤਾਨ ਵਿਚ ਅਤੇ ਹਿੰਦੋਸਤਾਨ ਦਾ ਫੌਲਾਦ ( ਲੋਹਾ) ‘ ਹਲਬ’ ਵਿਚ ਅਤੇ ਹਲਬ ਦਾ ਸ਼ੀਸ਼ਾ ‘ ਯਮਨ’ ਵਿਚ ਅਤੇ ਯਮਨ ਦੀਆਂ ਚਾਦਰਾਂ ਲੈ ਕੇ ਪਾਰਸ ਮੁੜ ਆਵਾਂਗਾ। ਫੇਰ ਚੁੱਪ ਕਰਕੇ ਇਕ ਦੁਕਾਨ ਕਰ ਲਵਾਂਗਾ ਅਤੇ ਸਫ਼ਰ ਕਰਨਾ ਛੱਡ ਦਊਗਾ ਅੱਗੇ ਰੱਬ ਮਾਲਕ  ਹੈ।

ਉਸਦੀ ਇਹ ਭੁੱਖ ਦੇਖ ਕੇ ਮੈਂ ਤੰਗ ਆ ਗਿਆ ਤੇ ਬੋਲਿਆ-
ਤੁਸੀਂ ਸੁਣਿਆ ਹੋਣਾ ਕਿ ‘ਗ਼ੋਰ’ ਦਾ ਇਕ ਬਹੁਤ ਵੱਡਾ ਸੌਦਾਗਰ ਜਦ ਘੋੜੇ ਤੋਂ ਡਿੱਗ ਕੇ ਮਰਨ ਲੱਗਿਆ ਤਾਂ ਉਸਨੇ ਇਕ ਠੰਡਾ ਹੌਕਾ ਭਰਕੇ ਕਿਹਾ- “ਖਾਹਿਸ਼ਮੰਦ ਬੰਦੇ ਦੀਆਂ ਇਹਨਾਂ ਦੋ ਅੱਖਾਂ ਨੂੰ ਸਬਰ ਹੀ ਭਰ ਸਕਦਾ ਹੈ ਜਾਂ ਕਬਰ ਦੀ ਮਿੱਟੀ।”

 

– ਸ਼ੇਖ ਸਾਦੀ
ਪੁਸਤਕ – ਸ਼ੇਖ ਸਾਦੀ ਜੀਵਨ ਤੇ ਰਚਨਾ
ਲਿਖਾਰੀ – ਮੁਨਸ਼ੀ ਪ੍ਰੇਮ ਚੰਦ

Categories General Spirtual
Share on Whatsapp