ਰਿਸ਼ਤੇ ਦਾ ਸੌਦਾ

‘ਜਿੰਦੂ’ ਨੇ ਐੱਮ .ਐੱਸ.ਈ.ਕੰਪਿਊਟਰ ਸਾਇੰਸ ਕਰ ਲਈ ਸੀ।ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ।ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ,ਮੁੰਡੇ ਨੂੰ 27 ਕਿੱਲੇ ਆਉਂਦੇ ਆ,ਬਾਰਾਂ ਪੜਿਆ ,ਜੀ.ਟੀ ਰੋਡ ਤੇ ਤਕੜੀ ਕੋਠੀ ਪਾਈ ਐ।ਨਾਲੇ ਮੁੰਡਾ ਸੋਹਣਾ ਵੀ ਬਹੁਤ ਐ। ਰੋਟੀ ਖਾਂਦਿਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ। ਜੀ ਫੇਰ ਲੈਣ ਦੇਣ ਕੀ ਹੋਊ ,ਉਹ ਵੀ ਪੁੱਛ ਲੈਣਾ ਸੀ।ਅਖੇ ਬੁੜੀਆਂ ਦੀ ਗਿੱਚੀ ਪਿੱਛੇ ਮੱਤ ,ਝੱਲੀਏ ਅੱਜ ਕੱਲ੍ਹ ਕਿੱਲੇ ਪਿੱਛੇ ਲੱਖ ਚਲਦਾ ਜੇ 27 ਕਿੱਲੇ ਐ ਤਾਂ ਸਿੱਧਾ 27 ਲੱਖ ਬਣਦਾ।ਕੋਈ ਨਾ ਲਾ ਦਿਆਂਗੇ ਕੱਲੀ ਧੀ ਆ ਆਪਣੇ ,ਨਾਲੇ ਤੈਨੂੰ ਕਾਹਦਾ ਫਿਕਰ ਆ,ਸਭ ਕੁਝ ਹੈਗਾ ਆਪਣੇ।ਆਪਣੀ ਲਾਡੋ ਨੂੰ ਕਿਸੇ ਚੀਜ਼ ਦੀ ਤੋਟ ਨੀ ਆਉਣੀ ਐਡੇ ਤਕੜੇ ਘਰੇ।ਆਖਦਿਆਂ ਹਰਚਰਨ ਸਿਓਂ ਬੈਠਕ ਵੱਲ ਚਲਾ ਗਿਆ।

ਜਿੰਦੂ ਵੀ ਸਾਰਾ ਕੁਝ ਸੁਣੀ ਜਾਂਦੀ ਸੀ।ਉਹ ਰਾਤ ਨੂੰ ਮੰਜੇ ਤੇ ਪਈ ਡੂੰਘੀਆਂ ਸੋਚਾਂ ਵਿੱਚ ਪੈ ਗਈ, ਦੇਖੀਂ ਬਾਪੂ ਐਨੇ ਪੈਸੇ ਲਾਊਗਾ ਮੇਰੇ ਵਿਆਹ ਤੇ ਨਾਲੇ ਮੁੰਡਾ ਤਾਂ ਬਾਰਾਂ ਈ ਪੜ੍ਹਿਆ ਮੈਂ ਐਮ.ਐੱਸ.ਈ ਕੀਤੀ ਆ, ਬਾਪੂ ਨੇ ਮੇਰੀ ਪੜ੍ਹਾਈ ਨੀ ਦੇਖੀ ਮੁੰਡੇ ਦੀ ਜ਼ਮੀਨ ਦੇਖ ਲਈ, ਕਹਿ ਤਾਂ ਕੀ ਸਕਦੀ ਆਂ, ਚਲ ਜਿਵੇਂ ਹੋਣਾ। ਸੋਚਾਂ ਦਾ ਪੱਲਾ ਸਮੇਟਦੀ ਜਿੰਦੂ ਆਪਣੇ ਆਪ ‘ਚ’ਗੁੱਸਾ ਹੋ ਕੇ ਸੌ ਗਈ। ਰਾਜ਼ੀ ਖੁਸ਼ੀ ਵਿਆਹ ਹੋ ਗਿਆ। ਹਰਚਰਨ ਸਿਓਂ ਨੇ ਰੁਪਇਆ ਪੂਰਾ ਤੀਹ ਲੱਖ ਲਾਇਆ, ਖੁੰਢਾ ਤੇ ਬੈਠੇ ਲੋਕ ਉੱਚੀ ਉੱਚੀ ਗੱਲਾਂ ਕਰਦੇ ਸੀ।ਸਾਲ ਬੀਤ ਗਿਆ ਤੇ ਜਿੰਦੂ ਨੇ ਇੱਕ ਧੀ ਨੂੰ ਜਨਮ ਦਿੱਤਾ। ਉਸੇ ਦਿਨ ਤੋਂ ਸਹੁਰਿਆਂ ਦੇ ਮੱਥੇ ਵੱਟ ਪੈ ਗੇ। ਬਸ ਫੇਰ ਤਾਂ ਆਨੇ ਬਹਾਨੇ ਕਲੇਸ਼ ਈ ਭਾਲਦੇ ਸੀ। ਇੱਕ ਦਿਨ ਤਾਂ ਹੱਦ ਈ ਹੋ ਗੀ, ਨਸ਼ੇ ‘ਚ’ ਟੁੰਨ ਜਿੰਦੂ ਦੇ ਘਰਵਾਲੇ ਨੇ ਜਿੰਦੂ ਦੇ ਗਰਮ ਚਿਮਟਿਆਂ ਨਾਲ ਸਾਰੇ ਹੱਥ ਸਾੜ ਦਿੱਤੇ। ਪੱਥਰ ਦਿੱਲ ਟੱਬਰ ਨੇ ਰੋਕਿਆ ਵੀ ਨਾ। ਚੱਕ ਕੇ ਹਸਪਤਾਲ ਦਾਖਲ ਕਰਾ ਤਾ, ਅਖੇ ਰਸੋਈ ‘ਚ’ ਕੰਮ ਕਰਦੀ ਸੀ, ਅੱਗ ਪੈ ਗੀ। ਪਤਾ ਲੈਣ ਆਏ ਬਾਪੂ ਨੂੰ ਦੇਖ ਜਿੰਦੂ ਭੁੱਬਾਂ ਮਾਰ -ਮਾਰ ਰੋ ਪਈ ਤੇ ਉਸ ਦੇ ਅੰਦਰ ਦਾ ਦਰਦ ਮੂੰਹੋਂ ਫੁੱਟਿਆ, ਬਾਪੂ ਤੂੰ ਮੇਰਾ ਰਿਸ਼ਤਾ ਇਨਸਾਨ ਨਾਲ ਨੀ, ਕਿੱਲ੍ਹਿਆਂ ਨਾਲ ਕਰਤਾ। ਧੀ ਦੀ ਹਾਲਤ ਦੇਖ ਹਰਚਰਨ ਸਿਓ ਡੌਰ ਭੌਰ ਹੋਇਆ ਖੜ੍ਹਾ ਸੀ।

Categories General Short Stories
Share on Whatsapp