ਬਾਪ ਦਾ ਬਚਪਨ

ਇਕ ਦਿਨ ਇੱਕੋ ਪੁੱਤਰ ਆਪਣੇ ਬਜ਼ੁਰਗ ਪਿਓ ਨੂੰ ਫਾਈਵ ਸਟਾਰ ਹੋਟਲ ਵਿਚ ਖਾਣਾ ਖੁਆਉਣ ਲਈ ਲੈ ਗਿਆ। ਉਸ ਦਾ ਬਜ਼ੁਰਗ ਪਿਤਾ ਵਾਰ ਵਾਰ ਖਾਣੇ ਨਾਲ ਆਪਣੇ ਕੱਪੜੇ ਗੰਦੇ ਕਰ ਰਿਹਾ ਸੀ ਤੇ ਪੁੱਤਰ ਵਾਰ ਵਾਰ ਪਿਓ ਦੇ ਕੱਪੜੇ ਅਤੇ ਮੂੰਹ ਸਾਫ ਕਰ ਰਿਹਾ ਸੀ । ਕਦੀਂ ਭਾਂਡਿਆਂ ਦੀ ਆਵਾਜ਼ ਸੁਣ ਕੇ ਵੇਟਰ ਉਹਨਾਂ ਕੋਲ ਆ ਜਾਂਦੇ। ਪੁੱਤਰ ਵੇਟਰ ਨੂੰ ਇਸ਼ਾਰੇ ਨਾਲ ਵਾਪਸ ਭੇਜ ਦਿੰਦਾ। ਬਜ਼ੁਰਗ ਪਿਓ ਇੰਨੇ ਅਜੀਬ ਤਰੀਕੇ ਨਾਲ ਖਾਣਾ ਖਾ ਰਿਹਾ ਸੀ ਕਿ ਕਈ ਨਾਲ ਬੈਠੇ ਲੋਕਾਂ ਦਾ ਧਿਆਨ ਉਨ੍ਹਾਂ ਦੇ ਟੇਬਲ ਤੇ ਪੈ ਰਿਹਾ ਸੀ। ਖਾਣਾ ਖਾਣ ਤੋਂ ਬਾਅਦ ਪੁੱਤਰ ਆਪਣੇ ਪਿਓ ਨੂੰ ਘਰ ਜਾਣ ਲਈ ਗਲਵਕੜੀ ਵਿਚ ਲੈ ਕੇ ਗੱਡੀ ਵੱਲ ਲੈ ਕੇ ਜਾ ਰਿਹਾ ਸੀ ਕਿ ਨਾਲ ਬੈਠੇ ਇਕ ਵਿਅਕਤੀ ਤੋਂ ਰਿਹਾ ਨਾ ਗਿਆ, ਉਸਨੇ ਕਹਿ ਦਿੱਤਾ” ਪੁੱਤਰ ਬਜ਼ੁਰਗਾ ਨੂੰ ਇਥੇ ਨਹੀਂ ਲਿਆਉਣਾ ਚਾਹੀਦਾ , ਬਲਕਿ ਇਹਨਾਂ ਨੂੰ ਘਰੇ ਹੀ ਖਾਣਾ ਖੁਆ ਦੇਣਾ ਚਾਹੀਦਾ ਹੈ” । ਪੁੱਤਰ ਨੇ ਬਹੁਤ ਪਿਆਰ ਨਾਲ ਉਹਨਾਂ ਨੂੰ ਜਵਾਬ ਦਿੱਤਾ ” ਅੰਕਲ ਜੀ ਜਦੋਂ ਮੈਂ ਤੇ ਮੇਰੀ ਭੈਣ ਛੋਟੇ ਹੁੰਦੇ ਸੀ ,ਉਦੋਂ ਛੁੱਟੀ ਵਾਲੇ ਦਿਨ ਸਾਡੇ ਡੈਡੀ ਜੀ ਸਾਨੂੰ ਇਸੇ ਹੋਟਲ ਵਿਚ ਖਾਣਾ ਖੁਆਉਣ ਲਈ ਲੈ ਕੇ ਆਉਂਦੇ ਸਨ। ਅਸੀਂ ਵੀ ਕਦੇ ਮੂਹ ਲਬੇੜ ਲੈਣਾ ਤੇ ਕਦੇ ਕੱਪੜੇ ਗੰਦੇ ਕਰ ਲੈਣੇ। ਮੈਂ ਕਈ ਵਾਰ ਉੱਚੀ ਉੱਚੀ ਰੌਣ ਲੱਗ ਪੈਂਦਾ ਸੀ। ਕਦੀ ਕਦੀ ਕਿਸੇ ਚੀਜ ਦੀ ਜਿੱਦ ਕਰ ਲੈਂਦਾ ਸੀ ਤੇ ਕਦੇ ਚੀਜਾਂ ਖਿਲਾਰ ਦਿੰਦਾ ਸੀ। ਉਸ ਵੇਖੇ ਕਈ ਲੀਕਾਂ ਦਾ ਧਿਆਨ ਸਾਡੇ ਤੇ ਪੈਂਦਾ ਸੀ, ਪਰ ਕਦੀਂ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਬੱਚਿਆਂ ਨੂੰ ਇਥੇ ਨਾ ਲਿਆਇਆ ਕਰੋ। ਸਾਡੇ ਮੰਮੀ ਤੇ ਡੈਡੀ ਕਦੇ ਗੁੱਸੇ ਨਹੀਂ ਹੁੰਦੇ ਸਨ, ਸਗੋਂ ਪਿਆਰ ਨਾਲ ਸਾਡਾ ਮੂੰਹ ਸਾਫ ਕਰਦੇ , ਸਾਨੂੰ ਖਾਣਾ ਖੁਆਉਂਦੇ ਅਤੇ ਸਾਡੇ ਲਿੱਬੜੇ ਹੋਏ ਕਪੜਿਆ ਨੂੰ ਆਉਣੇ ਰੁਮਾਲ ਨਾਲ ਸਾਫ ਕਰਦੇ ਸਨ।” ਹੁਣ ਡੈਡੀ ਜੀ ਬਜ਼ੁਰਗ ਹੋ ਗਏ ਹਨ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦਾ ਮਨੋਰੰਜਨ ਕਰਵਾਈਏ । ਪੁੱਤਰ ਦਾ ਜਵਾਬ ਸੁਣ ਕੇ ਉਸ ਵਿਅਕਤੀ ਦੀਆਂ ਅੱਖਾਂ ਭਰ ਆਈਆਂ। ਉਸ ਨੂੰ ਲੱਗਿਆ ਜਿਵੇਂ ਬੱਚਿਆਂ ਦਾ ਬਚਪਨ ਹੁਣ ਉਸ ਦੇ ਪਿਓ ਵਿਚ ਆ ਗਿਆ ਹੋਵੇ।
– ਤ੍ਰਿਪਤਾ ਬਰਮੌਤਾ , ਲੁਧਿਆਣਾ

Categories General Short Stories
Share on Whatsapp