ਧੀ

ਤੇਜ ਹਨੇਰੀ ਮੀਂਹ ਤੇ ਝੱਖੜ..ਰਾਤ ਦਾ ਤੀਜਾ ਪਹਿਰ..ਉਹ ਸ਼ਰਾਬ ਨਾਲ ਰਜਿਆ ਹੋਇਆ ਗਲੀ ਦੇ ਮੋੜ ਤੇ ਆਣ ਪੁੱਜਾ।
ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਲੰਗਿਆ ਤੇ ਕੰਧ ਓਹਲੇ ਗੁਆਚ ਗਿਆ।
ਸਾਰੀ ਪੀਤੀ ਹੋਈ ਇਕਦੰਮ ਉੱਤਰ ਗਈ…ਕੀ ਦੇਖਦਾ ਕੰਧ ਓਹਲੇ ਪਾਣੀ ਨਾਲ ਗੜੁੱਚ ਹੋਇਆ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਬੈਠਾ ਹੈ ।
ਹੱਥ ਨਾਲ ਟੋਹਿਆ ਤਾਂ ਇੱਕ ਚੋਦਾ-ਪੰਦਰਾਂ ਵਰ੍ਹਿਆਂ ਦੀ ਕੁੜੀ ਸੀ..ਡਰੀ ਤੇ ਕੰਬਦੀ ਹੋਈ।
ਉਸਨੂੰ ਬਾਂਹ ਫੜ ਉਠਾ ਲਿਆ ਤੇ ਪੁੱਛਿਆ ਕੌਣ ਹੈ ਤੂੰ ?
ਉਹ ਅੱਗੋਂ ਚੁੱਪ ਰਹੀ, ਇੱਕ ਵਾਰ ਫੇਰ ਗੁੱਸੇ ਨਾਲ ਚੀਕਿਆ “ਕੌਣ ਹੈ ਤੇ ਕਿਥੇ ਜਾਣਾ ਏਂ, ਦੱਸਦੀ ਨਹੀਂ ਤੂੰ?
ਇਸ ਵਾਰ ਸ਼ਾਇਦ ਉਹ ਡਰ ਗਈ ਸੀ, ਆਖਣ ਲੱਗੀ ਕੇ ਸ਼ਹਿਰ ਵਾਲੇ ਅਨਾਥ ਆਸ਼ਰਮ ਚੋਂ ਭੱਜ ਗੱਡੀ ਚੜ ਆਈ ਇਥੇ ਆਣ ਉੱਤਰੀ ਸੀ । ਪਰ ਉਹ ਚਾਰ ਮੁੰਡੇ ਟੇਸ਼ਨ ਤੋਂ ਹੀ ਮੇਰੇ ਪਿੱਛੇ..ਨਾਲ ਹੀ ਉਸਨੇ ਆਪਣੀ ਉਂਗਲ ਕੰਧ ਨਾਲ ਲੱਗ ਖਲੋਤੇ ਚਾਰ ਪਰਛਾਵਿਆਂ ਵੱਲ ਨੂੰ ਕਰ ਦਿੱਤੀ।
ਉਹ ਚੀਕਿਆ “ਕੌਣ ਹੋ ਓਏ ਤੁਸੀਂ..ਜਾਓ ਦੌੜ ਜਾਓ ਨਹੀਂ ਤੇ ਗੋਲੀ ਮਾਰ ਦਿਆਂਗਾ…ਆਹ ਦੇਖੋ ਮੇਰੇ ਡੱਬ ਵਿਚ ਪਿਸਤੌਲ”..ਏਨਾ ਸੁਣ ਪਰਛਾਵੇਂ ਅਲੋਪ ਹੋ ਚੁਕੇ ਸਨ।
ਉਸ ਨੇ ਕੁੜੀ ਦੀ ਬਾਂਹ ਫੜ ਲਈ ਤੇ ਆਖਿਆ..ਹੁਣ ਕਿਥੇ ਜਾਵੇਂਗੀ?..ਕੱਲੀ ਜਾਵੇਂਗੀ ਤਾਂ ਉਹ ਚਾਰ ਭੇੜੀਏ ਨਹੀਂ ਛੱਡਣਗੇ ਤੈਨੂੰ…ਨੋਚ ਨੋਚ ਖਾ ਜਾਣਗੇ”
ਏਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ ਕੇ “ਮੇਰਾ ਕੋਈ ਨਹੀਂ ਏ..ਕੱਲੀ ਹਾਂ..ਮਾਂ ਪਿਓ ਮਰ ਗਏ ਨੇ ਤੇ ਅਨਾਥ ਆਸ਼ਰਮ ਵਾਲੇ ਗੰਦੇ ਲੋਕ ”
ਏਨਾ ਸੁਣ ਉਸਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ “ਚੱਲੇਂਗੀ ਮੇਰੇ ਨਾਲ..ਮੇਰੇ ਘਰ ਵਿਚ…ਸਦਾ ਲਈ..ਰੋਟੀ ਦੇਵਾਂਗਾ..ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ”
“ਹੋਰ ਵੀ ਬਹੁਤ ਕੁਝ” ਸੁਣ ਉਹ ਅਨਾਥ ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ..ਉਸਨੇ ਨੇ ਵੀ ਸ਼ਾਇਦ ਏਹੀ ਆਖਿਆ ਸੀ ਪਹਿਲੀ ਵਾਰ।

ਅਗਲੇ ਹੀ ਪਲ ਉਹ ਉਸਨੂੰ ਆਪਣੇ ਨਾਲ ਲਈ ਜਾ ਰਿਹਾ ਸੀ..ਬਾਹਰ ਖੇਤਾਂ ਵਿਚ ਬਣੇ ਇੱਕ ਸੁੰਨਸਾਨ ਜਿਹੇ ਘਰ ਦਾ ਬੂਹਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ..ਉਹ ਉਸਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ..ਮੀਂਹ ਝੱਖੜ ਕਾਰਨ ਬਿਜਲੀ ਵੀ ਜਾ ਚੁਕੀ ਸੀ…ਘੁੱਪ ਹਨੇਰਾ ।
ਉਹ ਉਸਨੂੰ ਇੱਕ ਕਮਰੇ ਵੱਲ ਨੂੰ ਲੈ ਤੁਰਿਆ ਤੇ ਉਸਨੂੰ ਨੁੱਕਰ ਵੱਲ ਖੜਾ ਕਰ ਕੇ ਲਾਈਟਰ ਜਲਾ ਲਿਆ
ਲਾਈਟਰ ਦੀ ਲੋ ਵਿਚ ਦੂਜੇ ਪਾਸੇ ਵੱਲ ਨੂੰ ਮੂੰਹ ਕਰ ਆਖਣ ਲੱਗਾ “ਉੱਠ ਕੇ ਦੇਖ ਤਾ ਸਹੀ..ਕੀ ਲਿਆਇਆ ਹਾਂ ਤੇਰੇ ਲਈ…”ਧੀ” ਲਿਆਇਆਂ ਹਾਂ..ਤੇਰੇ ਤੇ ਆਪਣੇ ਲਈ..ਹੁਣ ਕੋਈ ਮਾਈ ਦਾ ਲਾਲ ਸਾਨੂੰ “ਬੇਔਲਾਦਾ’ ਆਖ ਕੇ ਤਾਂ ਦਿਖਾਵੇ”।
(ਹਿੰਦੀ ਲਿਖਤ ਦਾ ਪੰਜਾਬੀ ਅਨੁਵਾਦ)

Categories General
Share on Whatsapp