ਡਰ

ਨਿੱਕੇ ਹੁੰਦਿਆਂ ਵਾਪਰੀਆਂ ਕੁਝ ਡਰਾਉਣੀਆਂ ਘਟਨਾਵਾਂ ਕਰਕੇ ਹਨੇਰੇ ਦਾ ਡਰ ਉਸਦੇ ਅੰਦਰ ਪੱਕੀ ਤਰਾਂ ਘਰ ਕਰ ਗਿਆ ਸੀ…ਰਾਤ ਸੁੱਤੀ ਪਈ ਨੂੰ ਅਕਸਰ ਆਉਂਦਾ ਇੱਕ ਅਜੀਬ ਜਿਹਾ ਸੁਫਨਾ ਉਸਦੀ ਜਾਨ ਹੀ ਕੱਢ ਕੇ ਲੈ ਜਾਂਦਾ..ਹਨੇਰੀ ਜਿਹੀ ਜਗਾ ਵਿਚ ਉਹ ਕੱਲੀ ਤੁਰੀ ਜਾ ਰਹੀ ਹੁੰਦੀ..ਅਚਾਨਕ ਕੋਈ ਅਣਜਾਣ ਜਿਹਾ ਹੱਥ ਉਸਨੂੰ ਆਪਣੇ ਵਜੂਦ ਨੂੰ ਸਪਰਸ਼ ਕਰਦਾ ਪ੍ਰਤੀਤ ਹੁੰਦਾ ਤੇ ਪਸੀਨੇ ਵਿਚ ਤਰ ਹੋਈ ਦੀ ਇੱਕਦਮ ਜਾਗ ਖੁੱਲ ਜਾਂਦੀ..ਫੇਰ ਉਹ ਕੋਲ ਹੀ ਸੁੱਤੀ ਪਈ ਮਾਂ ਨੂੰ ਚੰਬੜ ਜਾਂਦੀ..ਮਗਰੋਂ ਉਸਨੂੰ ਕਿੰਨਾ-ਕਿੰਨਾ ਚਿਰ ਨੀਂਦ ਨਾ ਆਉਂਦੀ..!

ਹੁਣ ਏਨੇ ਸਾਲਾਂ ਬਾਅਦ ਬੈੰਕ ਦੀ ਨੌਕਰੀ ਲੱਗ ਗਈ…
ਇੱਕ ਵਾਰ ਓਵਰ ਟਾਈਮ ਦੇ ਚੱਕਰ ਵਿਚ ਲੇਟ ਹੋ ਗਈ…ਰਿਕਸ਼ੇ ਵਾਲਾ ਵੀ ਘਰ ਤੋਂ ਕਾਫੀ ਵਾਟ ਤੇ ਲਾਹ ਕੇ ਚਲਾ ਗਿਆ..ਰਾਤ ਦੇ ਸੰਨਾਟੇ ਨੂੰ ਤੋੜਦੀ ਹੋਈ ਅਵਾਰਾ ਕੁੱਤਿਆਂ ਦੇ ਭੌਂਕਣ ਦੀ ਖੌਫਨਾਕ ਅਵਾਜ…ਅਜੀਬ ਤਰਾਂ ਦਾ ਡਰਾਉਣਾ ਜਿਹਾ ਮਾਹੌਲ ਸੀ ਉਸ ਰਾਤ ਸੁਨਸਾਨ ਸੜਕ ਤੇ…
ਉਹ ਆਪਣੇ ਭਾਰੀ ਜਿਹੇ ਪਰਸ ਨੂੰ ਸੀਨੇ ਨਾਲ ਲਾਈ ਏਧਰ ਓਧਰ ਦੇਖਦੀ ਕਾਹਲੇ ਕਦਮੀਂ ਘਰ ਨੂੰ ਤੁਰੀ ਜਾ ਰਹੀ ਸੀ…..ਡਰੀ ਹੋਈ ਨੂੰ ਕੁਝ ਵਰੇ ਪਹਿਲਾਂ ਤੁਰ ਗਈ ਮਾਂ ਬੜੀ ਹੀ ਚੇਤੇ ਆਈ…ਅਚਾਨਕ ਹੀ ਪਿੱਛੋਂ ਆਉਂਦੇ ਮੋਟਰ ਸਾਈਕਲ ਨੇ ਕੋਲ ਆ ਬ੍ਰੇਕ ਮਾਰ ਲਈ..ਉਹ ਡਰ ਕੇ ਸੜਕ ਦੇ ਦੂਜੇ ਪਾਸੇ ਨੂੰ ਹੋ ਗਈ…ਦੋਹਾਂ ਚੋ ਇੱਕ ਆਖਣ ਲੱਗਾ…ਕਿਥੇ ਜਾਣਾ ਕੁੜੀਏ ਆ ਅਸੀ ਛੱਡ ਦਿੰਨੇ ਆ…”ਨਹੀਂ ਮੈਂ ਚਲੀ ਜਾਵਾਂਗੀ”…ਉਹ ਮੁਸ਼ਕਿਲ ਨਾਲ ਬੱਸ ਏਨਾ ਹੀ ਆਖ ਸਕੀ…
ਇੱਕ ਮੋਟਰ ਸਾਈਕਲ ਤੋਂ ਹੇਠਾਂ ਉੱਤਰ ਉਸ ਵੱਲ ਨੂੰ ਆ ਗਿਆ ਤੇ ਉਸਨੂੰ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕਰਨ ਲੱਗਾ…ਉਹ ਡਰ ਨਾਲ ਪਸੀਨੋੰ ਪਸੀਨੀ ਹੋ ਗਈ….

ਫੇਰ ਅਚਾਨਕ ਹੀ ਕਿਧਰੋਂ ਇੱਕ ਅਵਾਜ ਜਿਹੀ ਆਈ..”ਕੁੜੀਏ ਡਰੀਂ ਨਾ…ਸਗੋਂ ਇਸ ਡਰ ਦਾ ਮੁਕਾਬਲਾ ਕਰ..ਘਬਰਾ ਨਾ ਮੈਂ ਤੇਰੇ ਨਾਲ ਨਾਲ..ਹਿੰਮਤ ਕਰ…ਫੇਰ ਦੇਖੀਂ ਕੀ ਬਣਦਾ…ਇਸਨੂੰ ਦੌੜੇ ਜਾਂਦੇ ਨੂੰ ਰਾਹ ਨਹੀਂ ਲੱਭਣਾ”

ਏਨੀਂ ਗੱਲ ਸੁਣ ਉਸਨੇ ਬਿਨਾ ਦੇਰੀ ਕੀਤੀਆਂ ਹੱਥ ਵਿਚ ਫੜਿਆ ਪਰਸ ਘੁੰਮਾਂ ਕੇ ਉਸਦੇ ਮੂੰਹ ਤੇ ਦੇ ਮਾਰਿਆ..ਅਤੇ ਫੇਰ ਹੇਠਾਂ ਡਿੱਗੇ ਦੇ ਮੂੰਹ ਤੇ ਅੰਨੇਵਾਹ ਘਸੁੰਨ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ”
ਅਗਲੇ ਹੀ ਪਲ ਉਸਨੂੰ ਸਿਰਫ ਦੂਰ ਜਾਂਦੇ ਮੋਟਰ ਸਾਈਕਲ ਦੀ ਧੁੰਦਲੀ ਜਿਹੀ ਲਾਈਟ ਹੀ ਦਿਸ ਰਹੀ ਸੀ
ਉਹ ਛੇਤੀ ਨਾਲ ਸੰਭਲੀ ਤੇ ਫੇਰ ਜਿਧਰੋਂ ਅਵਾਜ ਆਈ ਸੀ ਓਧਰ ਨੂੰ ਦੇਖਣ ਲੱਗ ਪਈ…
ਸੜਕ ਦੇ ਦੂਜੇ ਪਾਸੇ ਬੈਠਾ ਹੋਇਆ ਇੱਕ ਅਪਾਹਜ ਮੰਗਤਾ ਉਸ ਵੱਲ ਦੇਖ ਮੁਸਕੁਰਾ ਰਿਹਾ ਸੀ..

ਤੇ ਫੇਰ ਉਸ ਦਿਨ ਮਗਰੋਂ ਉਸਨੂੰ ਫੇਰ ਕਦੀ ਵੀ ਹਨੇਰੇ ਤੋਂ ਡਰ ਨਹੀਂ ਲੱਗਾ…!
ਦੋਸਤੋ ਡਰ ਤੋਂ ਅੱਗੇ ਕਾਮਯਾਬੀ ਦਾ ਸਮੁੰਦਰ ਹੁੰਦਾ…ਪਰ ਬਹੁਤੇ ਇਸ ਡਰ ਕਾਰਨ ਬਿਨਾ ਟੁੱਬੀ ਲਾਏ ਹੀ ਆਪਣਾ ਰਾਹ ਬਦਲ ਲੈਂਦੇ ਨੇ..

Share on Whatsapp