← Back to Home

ਗਲਤੀ ਜੋ ਅਸੀਂ ਰੋਜ ਕਰਦੇ ਹਾਂ

Posted by Jasmeet Kaur on September 2, 2017

ਇਕ ਨਗਰ ਦੇ ਰਾਜੇ ਨੇ ਐਲਾਨ ਕਰਵਾਇਆ ਹੋਇਆ ਸੀ ਕਿ ਕੱਲ ਜਦੋਂ ਮੇਰੇ ਮਹੱਲ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਜਾਵੇਗਾ ਤਾਂ ਜਿਸ ਵਿਅਕਤੀ ਨੇ ਜਿਸ ਚੀਜ਼ ਨੂੰ ਹੱਥ ਲਗਾ ਦਿੱਤਾ, ਉਹ ਚੀਜ਼ ਉਸ ਦੀ ਹੋ ਜਾਵੇਗੀ।
ਇਹ ਐਲਾਨ ਸੁਣ ਕੇ ਸਾਰੇ ਲੋਕ ਆਪਸ ਵਿਚ ਗੱਲਾਂ ਕਰਨ ਲੱਗੇ ਕਿ ਮੈਂ ਫਲਾਣੀ ਚੀਜ਼ ਨੂੰ ਹੱਥ ਲਗਾਵਾਂਗਾ। ਕੁਝ ਲੋਕ ਕਹਿਣ ਲੱਗੇ ਮੈਂ ਤਾਂ ਸੋਨੇ ਨੂੰ ਹੱਥ ਲਗਾਵਾਂਗਾ ਤਾਂ ਕੁਝ ਕਹਿਣ ਲੱਗੇ ਮੈਂ ਕੀਮਤੀ ਗਹਿਣਿਆਂ ਨੂੰ ਹੱਥ ਲਗਾਵਾਂਗਾ। ਕੁਝ ਲੋਕ ਘੋੜਿਆਂ ਦੇ ਸ਼ੌਕੀਨ ਸਨ, ਉਹ ਕਹਿਣ ਲੱਗੇ ਮੈਂ ਤਾਂ ਘੋੜਿਆਂ ਨੂੰ ਹੱਥ ਲਗਾਵਾਂਗਾ, ਕੁਝ ਹਾਥੀਆਂ ਨੂੰ ਹੱਥ ਲਗਾਉਣ ਦੀ ਗੱਲ ਕਰ ਰਹੇ ਸਨ, ਕੁਝ ਲੋਕ ਕਹਿ ਰਹੇ ਸਨ ਕਿ ਮੈਂ ਦੁਧਾਰੂ ਗਊਆਂ ਨੂੰ ਹੱਥ ਲਗਾਵਾਂਗਾ।
ਉਸੇ ਵੇਲੇ ਮਹੱਲ ਦਾ ਮੁੱਖ ਦਰਵਾਜ਼ਾ ਖੁੱਲ੍ਹਿਆ ਅਤੇ ਸਾਰੇ ਲੋਕ ਆਪਣੀ-ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਹੱਥ ਲਗਾਉਣ ਲਈ ਭੱਜੇ। ਸਾਰਿਆਂ ਨੂੰ ਇਸ ਗੱਲ ਦੀ ਕਾਹਲੀ ਸੀ ਕਿ ਪਹਿਲਾਂ ਮੈਂ ਆਪਣੀ ਮਨਪਸੰਦ ਚੀਜ਼ ਨੂੰ ਹੱਥ ਲਗਾ ਦੇਵਾਂ ਤਾਂ ਜੋ ਉਹ ਚੀਜ਼ ਹਮੇਸ਼ਾ ਲਈ ਮੇਰੀ ਹੋ ਜਾਵੇ। ਸਾਰਿਆਂ ਦੇ ਮਨ ਵਿਚ ਇਹ ਡਰ ਵੀ ਸੀ ਕਿ ਕਿਤੇ ਮੇਰੇ ਨਾਲੋਂ ਪਹਿਲਾਂ ਕੋਈ ਦੂਜਾ ਮੇਰੀ ਪਸੰਦ ਦੀ ਚੀਜ਼ ਨੂੰ ਹੱਥ ਨਾ ਲਗਾ ਦੇਵੇ।
ਰਾਜਾ ਆਪਣੇ ਸਿੰਘਾਸਨ ‘ਤੇ ਬੈਠਾ ਇਹ ਸਭ ਦੇਖ ਰਿਹਾ ਸੀ ਅਤੇ ਆਸ-ਪਾਸ ਮਚ ਰਹੀ ਭਾਜੜ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਉਸੇ ਵੇਲੇ ਭੀੜ ਵਿਚੋਂ ਇਕ ਛੋਟੀ ਜਿਹੀ ਕੁੜੀ ਆਈ ਅਤੇ ਰਾਜੇ ਵੱਲ ਵਧਣ ਲੱਗੀ। ਰਾਜਾ ਉਸ ਕੁੜੀ ਵੱਲ ਦੇਖ ਕੇ ਸੋਚ ਵਿਚ ਪੈ ਗਿਆ ਅਤੇ ਫਿਰ ਵਿਚਾਰ ਕਰਨ ਲੱਗਾ ਕਿ ਇਹ ਕੁੜੀ ਬਹੁਤ ਛੋਟੀ ਹੈ, ਸ਼ਾਇਦ ਇਹ ਮੈਨੂੰ ਕੁਝ ਪੁੱਛਣ ਆ ਰਹੀ ਹੈ।
ਕੁੜੀ ਹੌਲੀ-ਹੌਲੀ ਤੁਰਦੀ ਹੋਈ ਰਾਜੇ ਕੋਲ ਪਹੁੰਚੀ ਅਤੇ ਉਸ ਨੇ ਆਪਣੇ ਨੰਨ੍ਹੇ ਹੱਥਾਂ ਨਾਲ ਰਾਜੇ ਨੂੰ ਛੂਹਿਆ। ਹੱਥ ਲਗਦਿਆਂ ਹੀ ਰਾਜਾ ਉਸ ਕੁੜੀ ਦਾ ਹੋ ਗਿਆ ਅਤੇ ਰਾਜੇ ਦੀ ਹਰੇਕ ਚੀਜ਼ ਵੀ ਉਸ ਕੁੜੀ ਦੀ ਹੋ ਗਈ।
ਜਿਸ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਰਾਜੇ ਨੇ ਮੌਕਾ ਦਿੱਤਾ ਸੀ ਅਤੇ ਉਨ੍ਹਾਂ ਲੋਕਾਂ ਨੇ ਗਲਤੀ ਕੀਤੀ, ਠੀਕ ਉਸੇ ਤਰ੍ਹਾਂ ਰੱਬ ਵੀ ਸਾਨੂੰ ਰੋਜ਼ਾਨਾ ਮੌਕਾ ਦਿੰਦਾ ਹੈ ਅਤੇ ਅਸੀਂ ਹਰ ਰੋਜ਼ ਗਲਤੀ ਕਰਦੇ ਹਾਂ। ਅਸੀਂ ਰੱਬ ਨੂੰ ਹਾਸਿਲ ਕਰਨ ਦੀ ਬਜਾਏ ਉਸ ਵੱਲੋਂ ਬਣਾਈਆਂ ਸੰਸਾਰਿਕ ਚੀਜ਼ਾਂ ਦੀ ਇੱਛਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕਦੇ ਵਿਚਾਰ ਨਹੀਂ ਕਰਦੇ ਕਿ ਜੇ ਰੱਬ ਸਾਡਾ ਹੋ ਗਿਆ ਤਾਂ ਉਸ ਵੱਲੋਂ ਬਣਾਈ ਹਰੇਕ ਚੀਜ਼ ਵੀ ਸਾਡੀ ਹੋ ਜਾਵੇਗੀ। ਰੱਬ ਨੂੰ ਚਾਹੁਣਾ ਅਤੇ ਰੱਬ ਤੋਂ ਚਾਹੁਣਾ, ਦੋਵਾਂ ਦਰਮਿਆਨ ਬਹੁਤ ਫਰਕ ਹੈ।

ਸਰੋਤ: ਵਟਸਐਪ