← Back to Home

ਇਹ ਤੁਹਾਡੀ ਸਮੱਸਿਆ ਨਹੀਂ ਹੈ ਤਾਂ ਰੁਕੋ ਤੇ ਦੁਬਾਰਾ ਸੋਚੋ

Posted by Jasmeet Kaur on September 10, 2017

ਇਕ ਚੂਹਾ ਇਕ ਵਪਾਰੀ ਦੇ ਘਰ ਖੁੱਡ ਵਿੱਚ ਰਹਿੰਦਾ ਸੀ।

ਇਕ ਦਿਨ ਚੂਹੇ ਨੇ ਵੇਖਿਆ ਕਿ ਵਪਾਰੀ ਅਤੇ ਉਸਦੀ ਪਤਨੀ ਇਕ ਝੋਲ਼ੇ ਵਿੱਚੋਂ ਕੋਈ ਸ਼ੈਅ ਬਾਹਰ ਕੱਢ ਰਹੇ ਸਨ। ਚੂਹੇ ਨੇ ਸੋਚਿਆ ਕਿ ਸ਼ਾਇਦ ਕੋਈ ਖਾਣ ਵਾਲ਼ੀ ਚੀਜ ਹੋਵੇਗੀ।

ਪਰ ਬਾਅਦ ਵਿਚ ਉਸਨੇ ਵੇਖਿਆ ਕਿ ਉਹ ਇਕ ਚੂਹੇਦਾਨੀ ਸੀ।

ਖ਼ਤਰੇ ਦਾ ਅਹਿਸਾਸ ਹੋਣ ‘ਤੇ ਉਸਨੇ ਇਹ ਗੱਲ ਪਿਛਵਾੜੇ ਰਹਿੰਦੇ ਕਬੂਤਰ ਨੂੰ ਜਾ ਦੱਸੀ ਕਿ ਘਰ ਵਿਚ ਚੂਹੇਦਾਨੀ ਆ ਗਈ ਹੈ।

ਕਬੂਤਰ ਨੇ ਚੂਹੇ ਦਾ ਮਖ਼ੌਲ ਉਡਾਉਂਦਿਆਂ ਕਿਹਾ,” ਮੈਨੂੰ ਕੀ, ਮੈਂ ਕਿਹੜਾ ਇਸ ਵਿੱਚ ਫਸਣਾ ਹੈ?

ਨਿਰਾਸ ਹੋਇਆ ਚੂਹਾ ਇਹ ਗੱਲ ਕੁੱਕੜ ਨੂੰ ਦੱਸਣ ਚਲਾ ਗਿਆ।

ਕੁੱਕੜ ਨੇ ਗੱਲ ਹਾਸੇ ਪਾਉਂਦਿਆਂ ਕਿਹਾ, ਜਾਹ ਭਰਾਵਾ ਜਾਹ, ਇਹ ਸਮੱਸਿਆ ਮੇਰੀ ਨਹੀਂ ਹੈ।

ਮਾਯੂਸ ਚੂਹੇ ਨੇ ਵਾੜੇ ‘ਚ ਜਾਕੇ ਬਕਰੇ ਨੂੰ ਇਹ ਜਾਣਕਾਰੀ ਦਿੱਤੀ ਤੇ ਬਕਰਾ ਹੱਸ ਹੱਸਕੇ ਦੂਹਰਾ ਹੋ ਗਿਆ।

ਉਸ ਰਾਤ ਚੂਹੇਦਾਨੀ ਵਿਚ ਖੜਾਕ ਹੋਇਆ ਤੇ ਇਕ ਜਹਿਰੀਲਾ ਸੱਪ ਉਸ ਵਿੱਚ ਡੱਕਿਆ ਗਿਆ।

ਹਨੇਰੇ ਵਿੱਚ ਚੂਹੇ ਦੀ ਪੂਛ ਸਮਝਕੇ ਵਪਾਰੀ ਦੀ ਪਤਨੀ ਨੇ ਸੱਪ ਨੂੰ ਬਾਹਰ ਕੱਢ ਲਿਆ ਤੇ ਸੱਪ ਨੇ ਉਸਨੂੰ ਡੰਗ ਮਾਰ ਦਿੱਤਾ।

ਤਬੀਅਤ ਜਿਆਦਾ ਵਿਗੜਨ ਤੇ ਹਕੀਮ ਨੂੰ ਸੱਦਿਆ ਗਿਆ। ਹਕੀਮ ਨੇ ਕਬੂਤਰ ਦਾ ਸੂਪ ਪਿਲਾਉਣ ਦੀ ਸਲਾਹ ਦਿੱਤੀ।

ਹੁਣ ਕਬੂਤਰ ਪਤੀਲੇ ‘ਚ ਉੱਬਲ਼ ਰਿਹਾ ਸੀ।

ਖ਼ਬਰ ਸੁਣਕੇ ਵਪਾਰੀ ਦੇ ਕਈ ਰਿਸ਼ਤੇਦਾਰ ਵੀ ਪਤਾ ਲੈਣ ਆ ਗਏ। ਉਹਨਾਂ ਦੀ ਖ਼ਾਤਰਦਾਰੀ ਲਈ ਅਗਲੇ ਦਿਨ ਕੁੱਕੜ ਦੀ ਧੌਣ ਮਰੋੜ ਦਿੱਤੀ ਗਈ।

ਕੁਝ ਦਿਨਾਂ ਬਾਅਦ
ਵਪਾਰੀ ਦੀ ਪਤਨੀ ਨੌਂ-ਬਰਨੌਂ ਹੋ ਗਈ। ਇਸ ਖੁਸ਼ੀ ਵਿੱਚ ਦਿੱਤੀ ਗਈ ਦਾਵਤ ‘ਚ ਬਕਰਾ ਝਟਕਾਅ ਦਿੱਤਾ ਗਿਆ।

ਚੂਹਾ ਹੁਣ ਤੱਕ ਦੂਰ ਜਾ ਚੁੱਕਿਆ ਸੀ, ਬਹੁਤ ਦੂਰ…

ਅਗਲੀ ਵਾਰ ਜਦੋਂ ਕੋਈ ਜਣਾ ਤੁਹਾਨੂੰ ਆਪਣੀ ਸਮੱਸਿਆ ਬਾਰੇ ਦੱਸੇ ਤੇ ਤੁਹਾਨੂੰ ਜਾਪੇ ਕਿ ਇਹ ਤੁਹਾਡੀ ਸਮੱਸਿਆ ਨਹੀਂ ਹੈ ਤਾਂ ਰੁਕੋ ਤੇ ਦੁਬਾਰਾ ਸੋਚੋ।

ਕੌਮ ਦਾ ਇਕ ਅੰਗ, ਇਕ ਤਬਕਾ ਜਾਂ ਇਕ ਸ਼ਖਸ ਖ਼ਤਰੇ ਵਿਚ ਹੈ ਤਾਂ ਪੂਰੀ ਕੌਮ ਖਤਰੇ ਵਿੱਚ ਹੈ।

ਆਪੋ ਆਪਣੀਆਂ ਵਲ਼ਗਣਾਂ ਵਿਚੋਂ ਬਾਹਰ ਆਓ। ਨਿਜ ਤੱਕ ਹੀ ਸੀਮਤ ਨਾ ਰਹੋ। ਆਪਣੀ ਕੌਮ ਨੂੰ ਦਰਪੇਸ਼ ਖਤਰਿਆਂ ਬਾਰੇ ਸੁਚੇਤ ਹੋਵੋ।

ਸਰੋਤ : ਵਟਸਐਪ